ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਫਿਰੋਜ਼ਪੁਰ ਅਤੇ ਜਲਾਲਾਬਾਦ ਦੇ
ਕਾਲਜਾਂ ਵਿਚ ਕਲਾ ਵਰਕਸ਼ਾਪਾਂ, ਵਿੱਦਿਅਕ ਅਦਾਰਿਆਂ ਵਿਚ ਕਲਾ ਦੀ ਚਿਣਗ
ਬਾਲੇਗੀ ਪੰਜਾਬ ਲਲਿਤ ਕਲਾ ਅਕਾਦਮੀ
ਵਿਨੇ ਕੁਮਾਰ
ਚੰਡੀਗੜ੍ਹ
ਪੰਜਾਬ ਵਿਚ ਕਲਾ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ
ਕਲਾ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਪੰਜਾਬ ਲਲਿਤ ਕਲਾ ਅਕਾਦਮੀ ਵਿੱਦਿਅਕ ਅਦਾਰਿਆਂ ਵਿਚ ਕਲਾ ਦੀ
ਚਿਣਗ ਬਾਲਣ ਲਈ ਉਪਰਾਲੇ ਕਰ ਰਹੀ ਹੈ । ਜਿਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕਲਾ ਵਿਸ਼ੇ ਵੱਜੋਂ ਨਹੀਂ
ਵੀ ਪੜ੍ਹਾਈ ਜਾਂਦੀ ਉੱਥੇ ਵਿਸ਼ੇਸ਼ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਕਲਾ ਨਾਲ ਜੋੜਿਆ ਜਾ ਰਿਹਾ ਹੈ।
ਇਸ ਲੜੀ ਤਹਿਤ ਪੰਜਾਬ ਲਲਿਤ ਕਲਾ ਅਕਾਦਮੀ 2 ਨਵੰਬਰ ਨੂੰ ਸਵੇਰੇ 10 ਵਜੇ ਫ਼ਿਰੋਜ਼ਪੁਰ ਦੇ ਆਰ. ਐਸ. ਡੀ. ਕਾਲਜ ਅਤੇ 3 ਨਵੰਬਰ ਨੂੰ ਫ਼ਾਜ਼ਿਕਲਾ ਜ਼ਿਲ੍ਹੇ ਵਿਚ
ਜਲਾਲਾਬਾਦ (ਪੱਛਮੀ) ਦੇ ਲੜਕੀਆਂ ਦੇ ਸਰਕਾਰੀ ਕਾਲਜ ਵਿਚ ਚਿੱਤਰਕਾਰੀ ਅਤੇ ਰੇਖਾ ਚਿੱਤਰਕਾਰੀ
ਵਰਕਸ਼ਾਪ ਦਾ ਆਯੋਜਨ ਕਰ ਰਹੀ ਹੈ। ਦੋਵਾਂ ਕਾਲਜਾਂ ਵਿਚ ਹੋ ਰਹੀ ਵਰਕਸ਼ਾਪ ਦੌਰਾਨ ਪੰਜਾਬ ਦੇ ਦੋ
ਨਾਮਵਰ ਕਲਕਾਰ ਡਾ. ਬਲਦੇਵ ਸਿੰਘ ਗੰਭੀਰ ਅਤੇ ਜਸਪ੍ਰੀਤ ਸਿੰਘ ਵਿਦਿਆਰਥੀਆਂ ਨੂੰ ਰੰਗਾਂ ਅਤੇ ਕਲਾ
ਦੇ ਵਿਲੱਖਣ ਸੰਸਾਰ ਨਾਲ ਰੂਬਰੂ ਕਰਵਾਉਣਗੇ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਲਲਿਤ ਕਲਾ
ਅਕਾਦਮੀ ਦੇ ਪ੍ਰਧਾਨ ਉੱਘੇ ਕਲਾਕਾਰ ਦੀਵਾਨ ਮਾਨਾ ਨੇ ਦੱਸਿਆ ਕਿ 2 ਨਵੰਬਰ ਨੂੰ ਆਰਐਸਡੀ ਕਾਲਜ ਵਿਚ ਹੋਣ
ਵਾਲੀ ਵਰਕਸ਼ਾਪ ਦੌਰਾਨ ਪਹਿਲਾਂ ਡਾ. ਗੰਭੀਰ ਵੱਲੋਂ ਕਲਾ ਦੀ ਬੁਨਿਆਦੀ ਜਾਣਕਾਰੀ ਦੇਣ ਲਈ ਇਕ
ਦਿਲਚਸਪ ਲੈਕਚਰ ਹੋਵੇਗਾ। ਉਸ ਤੋਂ ਬਾਅਦ ਡਾ. ਗੰਭੀਰ ਆਪਣੇ ਕਲਾ ਦੇ ਹੁਣ ਤੱਕ ਦੇ ਸਫ਼ਰ ਬਾਰੇ ਇਕ
ਆਈਡਿਉ ਵੀਜ਼ਿਉਲ ਪੇਸ਼ਕਾਰੀ ਦਿਖਾਉਣਗੇ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਕਲਾ ਅਤੇ ਕਲਾਕਾਰ ਬਾਰੇ
ਬਹੁਤ ਕੁਝ ਜਾਣਨ ਅਤੇ ਸਿੱਖਣ ਦਾ ਮੌਕਾ ਮਿਲੇਗਾ ਅਤੇ ਉਹ ਕਲਾ ਨੂੰ ਸਮਝਣ, ਮਾਨਣ ਅਤੇ ਉਸ ਨਾਲ ਜੁੜਨ ਲਈ ਉਤਸ਼ਾਹਤ
ਹੋਣਗੇ। ਇਸ ਤੋਂ ਬਾਅਦ ਡਾ. ਗੰਭੀਰ ਅਤੇ ਜਸਪ੍ਰੀਤ ਸਿੰਘ ਵਿਦਿਆਰਥੀਆਂ ਦੇ ਸਾਹਮਣੇ ਮੌਕੇ ’ਤੇ ਤੇਲ, ਚਾਰਕੋਲ ਅਤੇ ਐਕਰਿਲਿਕ ਚਿੱਤਰਕਾਰੀ ਦੇ
ਨਮੂਨੇ ਬਣਾ ਕੇ ਦਿਖਾਉਣਗੇ। ਉਸ ਤੋਂ ਬਾਅਦ ਵਿਦਿਆਰਥੀਆਂ ਦੀ ਕਲਾ ਵਰਕਸ਼ਾਪ ਹੋਏਗੀ ਜਿਸ ਵਿਚ ਦੋਵੇਂ
ਕਲਾਕਾਰ ਵਿਦਿਆਰਥੀਆਂ ਨੂੰ ਕਲਾ ਦੀਆਂ ਬਾਰੀਕੀਆਂ ਸਿਖਾਉਣਗੇ। ਇਸ ਤਰ੍ਹਾਂ ਵਿੱਦਿਆਰਥੀਆਂ ਨੂੰ
ਅਮਲੀ ਰੂਪ ਵਿਚ ਕਲਾ ਵਿਚ ਹੱਥ ਅਜ਼ਮਾਉਣ ਦਾ ਮੌਕਾ ਮਿਲੇਗਾ । ਇਸੇ ਤਰ੍ਹਾਂ 3 ਨਵੰਬਰ ਨੂੰ ਜਲਾਲਾਬਾਦ (ਪੱਛਮੀ) ਵਿਖੇ
ਹੋਣ ਵਾਲੀ ਵਰਕਸ਼ਾਪ ਵਿਚ ਜਸਪ੍ਰੀਤ ਸਿੰਘ ਲੜਕੀਆਂ ਦੇ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਲਾ
ਦੀ ਮੁੱਢਲੀ ਜਾਣਕਾਰੀ ਦੇਣ, ਉਪਰੰਤ ਆਪਣੀ ਕਲਾਕਾਰੀ ਬਾਰੇ
ਇਕ ਆਡਿਉ-ਵੀਜ਼ੂਉਲ ਪੇਸ਼ਕਾਰੀ ਦਿਖਾਉਣੇ। ਇਸ ਤੋਂ ਉਪਰੰਤ ਦੋਵੇਂ ਕਲਾਕਾਰ ਮੌਕੇ ’ਤੇ ਹੀ ਵੱਖ-ਵੱਖ ਸਮੱਗਰੀ ਦੀ ਵਰਤੋਂ
ਕਰਕੇ ਆਪਣੀ ਕਲਾ ਦੀਆਂ ਵੱਖ-ਵੱਖ ਵੰਨਗੀਆਂ ਬਣਾਉਣਗੇ। ਫਿਰ ਵਿਦਿਆਰਥੀਆਂ ਨੂੰ ਅਮਲੀ ਰੂਪ ਵਿਚ ਕਲਾ
ਨਾਲ ਜੁੜਨ ਦਾ ਮੌਕਾ ਦੇਣ ਲਈ ਵਰਕਸ਼ਾਪ ਹੋਵੇਗੀ, ਜਿਸ ਵਿਚ ਉਹ ਕਲਾ ਦੀਆਂ ਬਾਰੀਕੀਆਂ ਨੂੰ ਸਿੱਖ ਸਕਣਗੇ । ਸ਼੍ਰੀ
ਮਾਨਾ ਨੇ ਕਿਹਾ ਕਿ ਵਿੱਦਿਅਕ ਅਦਾਰੇ ਵਿਦਿਆਰਥੀਆਂ ਅੰਦਰ ਕਲਾ ਦੀ ਚਿਣਗ ਬਾਲਣ ਵਿਚ ਅਹਿਮ ਭੂਮਿਕਾ
ਨਿਭਾ ਸਕਦੇ ਹਨ। ਹਰ ਵਿਦਿਆਰਥੀਆਂ ਅੰਦਰ ਕਲਾ ਦਾ ਕੋਈ ਨਾ ਕੋਈ ਰੂਪ ਮੌਜੂਦ ਹੁੰਦਾ ਹੈ, ਜੇ ਉਸ ਨੂੰ ਇਸ ਉਮਰ ਵਿਚ ਸਿੱਖਣ ਅਤੇ
ਆਪਣੀ ਕਲਾ ਦੇ ਪ੍ਰਗਟਾਵੇ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਕਲਾ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ
ਦਾ ਰਸਤਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਲਿਤ ਕਲਾ ਅਕਾਦਮੀ ਦਾ ਇਹੀ ਮਕਸਦ ਰਿਹਾ ਹੈ
ਕਿ ਖਿੱਤੇ ਵਿਚ ਨਵੇਂ ਕਲਾਕਾਰਾਂ ਨੂੰ ਪੁੰਗਰਨ ਦਾ ਮਾਹੌਲ ਦਿੱਤਾ ਜਾਵੇ। ਅਕਾਦਮੀ ਉਭਰਦੇ
ਕਲਾਕਾਰਾਂ ਦੀ ਕਲਾ ਵਿਚ ਨਿਖਾਰ ਲਿਆਉਣ ਅਤੇ ਫਿਰ ਉਨ੍ਹਾਂ ਦੀ ਕਲਾ ਨੂੰ ਕਲਾ-ਪ੍ਰੇਮੀਆਂ ਤੱਕ ਪਹੁੰਚਾਉਣ ਲਈ ਵੀ ਗੰਭੀਰ ਉਪਰਾਲੇ
ਕਰਦੀ ਹੈ। ਇਸੇ ਲੜੀ ਤਹਿਤ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕਲਾ
ਵਰਕਸ਼ਾਪਾਂ ਜਾਰੀ ਰਹਿਣਗੀਆਂ ਜਿੱਥੇ ਲਲਿਤ ਕਲਾਵਾਂ ਵਿਸ਼ੇ ਵੱਜੋਂ ਨਹੀਂ ਪੜ੍ਹਾਈਆਂ ਜਾ ਰਹੀਆ । ਇਹਨਾਂ ਦੋਵੇਂ
ਵਰਕਸ਼ਾਪਾਂ ਦਾ ਅਯੋਜਨ ਕਰਵਾਉਣ ਵਿਚ ਆਰ ਐੱਸ ਡੀ ਕਾਲਜ ਫਿਰੋਜ਼ਪੁਰ ਦੇ ਅਧਿਆਪਕ ਕਪਿਲ ਦੇਵ ਬਹੁਤ
ਉਘੀ ਭੂਮਿਕਾ ਨਿਭਾਈ ਹੈ ਅਤੇ ਅਕਾਦਮੀ ਉਨ੍ਹਾਂ ਦੇ ਨਾਲ ਦੋਵੇਂ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਵੀ
ਸ਼ੁਕਰਗੁਜ਼ਾਰ ਹੈ ।
No comments:
Post a Comment